ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਸਨਿਚਰਵਾਰ ਨੂੰ ਦਾਅਵਾ ਕੀਤਾ ਕਿ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਚੋਟੀ ਦੀ ਲੀਡਰਸ਼ਿਪ ਹੁਣ ਭਾਵੇਂ ਇਸ ਤੋਂ ਇਨਕਾਰ ਕਰਨ ਦਾ ਵਿਖਾਵਾ ਕਰ ਰਹੀ ਹੈ, ਪਰ ਜੇ ਭਾਜਪਾ ਸੱਤਾ ਵਿਚ ਵਾਪਸ ਆਉਂਦੀ ਹੈ ਤਾਂ ਉਹ ਸੰਵਿਧਾਨ ਨੂੰ ਬਦਲ ਦੇਵੇਗੀ। ਮਹਿੰਗਾਈ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਦੇ ਹੋਏ ਪ੍ਰਿਯੰਕਾ ਨੇ ਉਨ੍ਹਾਂ ਨੂੰ ‘ਮਹਿੰਗਾਈ ਮੈਨ’ ਕਿਹਾ।
ਕਾਂਗਰਸ ਆਗੂ ਨੇ ਅਨੁਸੂਚਿਤ ਜਨਜਾਤੀ (ਐਸ.ਸੀ.) ਲਈ ਰਾਖਵੀਂ ਵਲਸਾਡ ਲੋਕ ਸਭਾ ਸੀਟ ਤੋਂ ਪਾਰਟੀ ਉਮੀਦਵਾਰ ਅਨੰਤ ਪਟੇਲ ਦੇ ਸਮਰਥਨ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਭਾਜਪਾ ਨੇਤਾ ਅਤੇ ਉਮੀਦਵਾਰ ਕਹਿ ਰਹੇ ਹਨ ਕਿ ਉਹ ਸੰਵਿਧਾਨ ਨੂੰ ਬਦਲ ਦੇਣਗੇ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਤੋਂ ਇਨਕਾਰ ਕਰ ਰਹੇ ਹਨ। ਇਹ ਉਨ੍ਹਾਂ ਦੀ ਰਣਨੀਤੀ ਹੈ।’’
ਪ੍ਰਿਯੰਕਾ ਨੇ ਕਿਹਾ, ‘‘ਸ਼ੁਰੂ ’ਚ, ਉਹ ਹਮੇਸ਼ਾ ਉਸ ਚੀਜ਼ ਤੋਂ ਇਨਕਾਰ ਕਰਦੇ ਹਨ ਜੋ ਉਹ ਕਰਨਾ ਚਾਹੁੰਦੇ ਹਨ। ਪਰ ਜਦੋਂ ਉਹ ਸੱਤਾ ’ਚ ਆਉਂਦੇ ਹਨ ਤਾਂ ਉਹ ਇਸ ਨੂੰ ਲਾਗੂ ਕਰਦੇ ਹਨ। ਉਹ ਆਮ ਲੋਕਾਂ ਨੂੰ ਕਮਜ਼ੋਰ ਕਰਨ ਅਤੇ ਉਨ੍ਹਾਂ ਨੂੰ ਸਾਡੇ ਸੰਵਿਧਾਨ ’ਚ ਗਾਰੰਟੀਸ਼ੁਦਾ ਅਧਿਕਾਰਾਂ ਤੋਂ ਵਾਂਝੇ ਕਰਨ ਲਈ ਸੰਵਿਧਾਨ ਨੂੰ ਬਦਲਣਾ ਚਾਹੁੰਦੇ ਹਨ।’’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਚੋਣਾਂ ਦੌਰਾਨ ‘ਸੁਪਰਮੈਨ’ ਵਜੋਂ ਸਟੇਜ ’ਤੇ ਆਉਂਦੇ ਹਨ ਪਰ ਤੁਹਾਨੂੰ ਉਨ੍ਹਾਂ ਨੂੰ ‘ਮਹਿੰਗਾਈ ਮੈਨ’ ਵਜੋਂ ਯਾਦ ਰਖਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਭਾਜਪਾ ਨੇਤਾ ਪ੍ਰਧਾਨ ਮੰਤਰੀ ਨੂੰ ਇਕ ਸ਼ਕਤੀਸ਼ਾਲੀ ਨੇਤਾ ਦੇ ਤੌਰ ’ਤੇ ਪੇਸ਼ ਕਰਦੇ ਹਨ ਅਤੇ ਕਹਿੰਦੇ ਹਨ ਕਿ ਉਹ ‘ਚੁਟਕੀ ਮਾਰ ਕੇ ਲੜਾਈ ਰੁਕਵਾ ਦਿੰਦੇ ਹਨ’, ਫਿਰ ਉਹ ਉਸੇ ਤਰ੍ਹਾਂ ਗਰੀਬੀ ਕਿਉਂ ਨਹੀਂ ਹਟਾ ਪਾ ਰਹੇ।’’
ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਦੇ ਗ੍ਰਹਿ ਰਾਜ ਗੁਜਰਾਤ ਅਤੇ ਦੇਸ਼ ਭਰ ਦੇ ਆਦਿਵਾਸੀ ਮਹਿੰਗਾਈ, ਬੇਰੁਜ਼ਗਾਰੀ, ਘੱਟ ਤਨਖਾਹ, ਜ਼ਮੀਨ ਦਾ ਨੁਕਸਾਨ, ਔਰਤਾਂ ਵਿਰੁਧ ਹਿੰਸਾ ਅਤੇ ਹੋਰ ਅੱਤਿਆਚਾਰਾਂ ਵਰਗੇ ਮੁੱਦਿਆਂ ਦਾ ਸਾਹਮਣਾ ਕਰ ਰਹੇ ਹਨ। ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ’ਚ ਆਈ ਤਾਂ ਸ਼ਹਿਰੀ ਖੇਤਰਾਂ ’ਚ 100 ਦਿਨਾਂ ਦੇ ਕੰਮ ਦੀ ਗਰੰਟੀ ਦੇਣ ਲਈ ਮਹਾਤਮਾ ਗਾਂਧੀ ਕੌਮੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ (ਮਨਰੇਗਾ) ਵਰਗੀ ਰੁਜ਼ਗਾਰ ਗਾਰੰਟੀ ਯੋਜਨਾ ਲਿਆਏਗੀ।
ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਸਰਕਾਰੀ ਨੌਕਰੀਆਂ ’ਚ ਲਗਭਗ 30 ਲੱਖ ਅਸਾਮੀਆਂ ਭਰਨ, ਮਛੇਰਿਆਂ ਨੂੰ ਸਬਸਿਡੀ ਵਾਲਾ ਡੀਜ਼ਲ ਦੇਣ, ਘੱਟੋ-ਘੱਟ ਤਨਖਾਹ ਵਧਾ ਕੇ 400 ਰੁਪਏ ਕਰਨ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਲਈ ਉਪ-ਯੋਜਨਾਵਾਂ ਬਣਾਉਣ, ਆਦਿਵਾਸੀਆਂ ਲਈ ਵਿਸ਼ੇਸ਼ ਬਜਟ ਲਿਆਉਣ ਅਤੇ ਆਦਿਵਾਸੀ ਬਹੁਲ ਖੇਤਰਾਂ ਨੂੰ ਅਨੁਸੂਚਿਤ ਖੇਤਰ ਐਲਾਨਣ ਲਈ ਵਚਨਬੱਧ ਹੈ। ਗੁਜਰਾਤ ਦੀਆਂ ਸਾਰੀਆਂ 26 ਲੋਕ ਸਭਾ ਸੀਟਾਂ ’ਤੇ ਆਮ ਚੋਣਾਂ ਦੇ ਤੀਜੇ ਪੜਾਅ ’ਚ 7 ਮਈ ਨੂੰ ਵੋਟਾਂ ਪੈਣਗੀਆਂ। ਭਾਜਪਾ ਨੇ 2014 ਅਤੇ 2019 ਦੀਆਂ ਆਮ ਚੋਣਾਂ ’ਚ ਰਾਜ ਦੀਆਂ ਸਾਰੀਆਂ ਸੀਟਾਂ ਜਿੱਤੀਆਂ ਸਨ।
Subscribe our newsletter to stay updated